ਅੰਬਾਲਾ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ (Jagdish Singh Jhinda) ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) 'ਤੇ ਬੀਜੇਪੀ (BJP) ਦਾ ਏਜੰਟ ਹੋਣ ਦਾ ਗੰਭੀਰ ਇਲਜ਼ਾਮ ਲਗਾਇਆ ਹੈ। ਝੀਂਡਾ ਨੇ ਕਿਹਾ ਕਿ ਹਰਪ੍ਰੀਤ ਸਿੰਘ ਬੀਜੇਪੀ ਦੇ ਹੱਥਾਂ 'ਚ ਖੇਡਦਾ ਹੈ ਅਤੇ ਜਥੇਦਾਰੀ ਜਾਣ ਦੇ ਡਰ ਕਾਰਨ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਜਥੇਦਾਰ ਨੂੰ ਹਟਾਉਣਾ ਚਾਹੁੰਦਾ ਸੀ, ਜਿਸ ਕਾਰਨ ਉਹ ਡਰ ਗਿਆ ਸੀ। ਝੀਂਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਗਠਨ 'ਚ ਬੀਜੇਪੀ ਦੀ ਦਖਲਅੰਦਾਜ਼ੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਥੇਦਾਰ ਨੇ ਇਸ 'ਚ ਬੀਜੇਪੀ ਦੀ ਮਦਦ ਕੀਤੀ।
ਸਾਬਕਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ 22 ਸਾਲ ਸੰਘਰਸ਼ ਕਰਨ ਵਾਲਿਆਂ ਦੀ ਲਿਸਟ ਜਾਰੀ ਕੀਤੀ ਸੀ, ਤਾਂ ਹਰਪ੍ਰੀਤ ਸਿੰਘ ਨੇ ਇਸ 'ਤੇ ਮੋਹਰ ਲਗਾਉਣ ਦਾ ਵਾਅਦਾ ਕੀਤਾ ਸੀ, ਪਰ ਬੀਜੇਪੀ ਨੇ ਇਸ ਨੂੰ ਰੋਕ ਦਿੱਤਾ।
ਝੀਂਡਾ ਨੇ ਜਥੇਦਾਰ ਦੀ ਅਮਿਤ ਸ਼ਾਹ ਨਾਲ 2 ਘੰਟੇ ਦੀ ਬੰਦ ਕਮਰਾ ਮੀਟਿੰਗ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਜੇਕਰ ਉਹ ਭਾਜਪਾ ਦੇ ਏਜੰਟ ਨਹੀਂ ਤਾਂ ਇਹ ਮੀਟਿੰਗ ਕਿਉਂ ਕੀਤੀ।
ਇਸ ਦੌਰਾਨ ਝੀਂਡਾ ਨੇ ਜਥੇਦਾਰ ਦੇ ਭਾਵੁਕ ਹੋਣ 'ਤੇ ਤੰਜ਼ ਕੱਸਦਿਆਂ ਕਿਹਾ ਕਿ ਸਿੱਖ ਕੌਮ ਨੂੰ ਕਮਜ਼ੋਰ ਜਥੇਦਾਰ ਨਹੀਂ, ਸਗੋਂ ਅਜਿਹਾ ਜਥੇਦਾਰ ਚਾਹੀਦਾ ਹੈ ਜੋ ਕਿਸੇ ਵੀ ਸਰਕਾਰ ਨਾਲ ਟਕਰਾਅ ਜਾਵੇ।