ਦਿੱਲੀ ਦੇ ਰੋਹਿਨੀ ਸੈਕਟਰ 14 ਵਿਚ ਸੀਆਰਪੀਐੱਫ ਸਕੂਲ ਨੇੜੇ ਸਵੇਰੇ 7:50 ਵਜੇ ਜ਼ੋਰਦਾਰ ਧਮਾਕੇ ਦੀ ਘਟਨਾ ਵਾਪਰੀ। ਧਮਾਕੇ ਕਾਰਨ ਸਕੂਲ ਦੀ ਕੰਧ, ਨੇੜਲੀਆਂ ਦੁਕਾਨਾਂ ਅਤੇ ਇਕ ਕਾਰ ਨੂੰ ਨੁਕਸਾਨ ਹੋਇਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਨਐੱਸਜੀ, ਐੱਨਆਈਏ, ਬੰਬ ਨਕਾਰਾ ਦਸਤਾ ਅਤੇ ਪੁਲੀਸ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਦਿੱਲੀ ਫਾਇਰ ਸੇਵਾ ਨੇ ਵੀ ਦੋ ਅੱਗ ਬੁਝਾਊ ਗੱਡੀਆਂ ਭੇਜੀਆਂ, ਪਰ ਅੱਗ ਨਾ ਲੱਗੀ ਹੋਣ ਕਾਰਨ ਉਹ ਵਾਪਸ ਆ ਗਈਆਂ।
ਪੁਲੀਸ ਅਧਿਕਾਰੀਆਂ ਮੁਤਾਬਕ ਇਹ ਪਟਾਕਿਆਂ ਦਾ ਧਮਾਕਾ ਹੋ ਸਕਦਾ ਹੈ, ਪਰ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਨੇ ਨਮੂਨੇ ਇਕੱਤਰ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਕੀਤੀ ਜਾ ਰਹੀ ਹੈ।