ਵਿਕਾਸ ਯਾਦਵ |
ਨਿਊਯਾਰਕ: ਅਮਰੀਕੀ ਜਾਂਚ ਏਜੰਸੀ FBI ਨੇ ਹਰਿਆਣਾ ਦੇ ਰੇਵਾੜੀ ਦੇ ਨੌਜਵਾਨ ਵਿਕਾਸ ਯਾਦਵ (Vikas Yadav) ਨੂੰ 'ਸਿੱਖ ਫਾਰ ਜਸਟਿਸ' ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਦੋਸ਼ 'ਚ ਮੋਸਟ ਵਾਂਟੇਡ ਘੋਸ਼ਿਤ ਕੀਤਾ ਹੈ। ਏਜੰਸੀ ਨੇ ਯਾਦਵ ਦੀਆਂ ਤਿੰਨ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ 'ਚੋਂ ਇੱਕ 'ਚ ਉਹ ਫੌਜੀ ਵਰਦੀ 'ਚ ਹੈ।
FBI ਦੀ ਰਿਪੋਰਟ ਮੁਤਾਬਕ 39 ਸਾਲਾ ਵਿਕਾਸ ਯਾਦਵ ਰੇਵਾੜੀ ਦੇ ਪ੍ਰਾਣਪੁਰਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਭਾਰਤੀ ਖੁਫੀਆ ਏਜੰਸੀ 'ਰਾਅ' (RAW) ਨਾਲ ਜੁੜਿਆ ਹੋਇਆ ਹੈ। ਉਸ 'ਤੇ ਆਪਣੇ ਸਹਿ-ਸਾਜ਼ਿਸ਼ਕਰਤਾ ਨਾਲ 'ਅਮਾਨਤ' ਉਰਫ਼ ਨਾਮ ਨਾਲ ਗੱਲਬਾਤ ਕਰਨ ਦਾ ਦੋਸ਼ ਹੈ।
ਅਮਰੀਕੀ ਏਜੰਸੀ ਮੁਤਾਬਕ ਯਾਦਵ ਨੇ ਪੰਨੂ ਦੀ ਹੱਤਿਆ ਲਈ ਨਿਖਿਲ ਗੁਪਤਾ ਨੂੰ ਹਾਇਰ ਕੀਤਾ ਸੀ, ਜਿਸ ਨੂੰ ਚੈਕੋਸਲੋਵਾਕੀਆ ਤੋਂ ਗ੍ਰਿਫ਼ਤਾਰ ਕਰਕੇ ਅਮਰੀਕਾ ਹਵਾਲੇ ਕੀਤਾ ਗਿਆ ਹੈ। ਯਾਦਵ 'ਤੇ ਪੰਨੂ ਦੀ ਨਿੱਜੀ ਜਾਣਕਾਰੀ, ਰਿਹਾਇਸ਼ੀ ਪਤਾ ਅਤੇ ਫ਼ੋਨ ਨੰਬਰ ਮੁਹੱਈਆ ਕਰਵਾਉਣ ਅਤੇ ਕਾਤਲ ਨੂੰ 15,000 ਡਾਲਰ ਦੀ ਪੇਸ਼ਗੀ ਰਕਮ ਦੇਣ ਦਾ ਦੋਸ਼ ਹੈ। ਸੌਦਾ ਇੱਕ ਲੱਖ ਡਾਲਰ ਦਾ ਹੋਇਆ ਸੀ।
10 ਅਕਤੂਬਰ 2024 ਨੂੰ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਨੇ ਯਾਦਵ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। FBI ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਇਸ ਨੂੰ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਅਮਰੀਕੀ ਅਟਾਰਨੀ ਜਨਰਲ ਮੈਰਿਕ ਬੀ ਗਾਰਲੈਂਡ ਨੇ ਕਿਹਾ ਕਿ ਉਹ ਅਮਰੀਕੀ ਨਾਗਰਿਕਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਨਗੇ।
ਦੱਸਣਯੋਗ ਹੈ ਕਿ ਭਾਰਤ ਨੇ ਇਸ ਮਾਮਲੇ 'ਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਅਮਰੀਕੀ ਸਰਕਾਰ ਨੇ ਭਾਰਤ ਦੇ ਇਸ ਕਦਮ 'ਤੇ ਤਸੱਲੀ ਪ੍ਰਗਟਾਈ ਹੈ। ਅਮਰੀਕੀ ਸਰਕਾਰ ਮੁਤਾਬਕ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਰਚੀ ਜਾਣੀ ਸੀ।
ਦੋਸ਼ਾਂ ਮੁਤਾਬਕ ਪਹਿਲਾਂ ਪੰਨੂੰ ਨੂੂੰ ਸੁੰਨਸਾਨ ਥਾਂ ’ਤੇ ਲਿਆ ਕੇ ਮਾਰਨ ਦੀ ਸੀ ਯੋਜਨਾ?
ਦੋਸ਼ਾਂ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਪੰਨੂੰ ਨੂੰ ਕਾਨੂੰਨੀ ਸਲਾਹ ਦਾ ਬਹਾਨੇ ਨਾਲ ਵਰਗਲਾ ਕੇ ਕਿਸੇ ਸੁੰਨਸਾਨ ਥਾਂ ’ਤੇ ਲਿਆ ਕੇ ਮਾਰਨ ਦੀ ਯੋਜਨਾ ਬਣਾੲੀ ਸੀ ਪਰ ਬਾਅਦ ਵਿੱਚ ਇਸ ਨੂੰ ਬਦਲ ਦਿੱਤਾ ਗਿਆ। ਬਾਅਦ ਵਿੱਚ ਉਸ ਨੂੰ ਉਸ ਦੇ ਘਰ, ਦਫ਼ਤਰ ਜਾਂ ਅਕਸਰ ਜਾਣ ਵਾਲੇ ਕੈਫ਼ੇ ਵਿੱਚ ਮਾਰਨ ਦਾ ਪਲਾਨ ਬਣਾਇਆ ਗਿਆ ਸੀ। ਅਮਰੀਕਾ ਨੇ ਦਾਅਵਾ ਕੀਤਾ ਕਿ ਉਸ ਨੇ ਨਿਖਿਲ ਗੁਪਤਾ (Nikhil Gupta) ਨੂੰ ਗ੍ਰਿਫ਼ਤਾਰ ਕਰ ਕੇ ਇਸ ਪਲਾਨ ਨੂੰ ਅਸਫ਼ਲ ਕਰ ਦਿੱਤਾ।