ਤਰਸੇਮ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਆਪਣੇ ਪੱਧਰ 'ਤੇ ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਤਰੀਕੇ ਨਾਲ ਜੇਲ੍ਹ 'ਚ ਬੰਦ ਰੱਖਣਾ ਚਾਹੁੰਦੀ ਹੈ ਅਤੇ ਉਸ ਦੇ ਸਮਰਥਕਾਂ ਨੂੰ ਝੂਠੇ ਕੇਸਾਂ 'ਚ ਫਸਾਉਣਾ ਚਾਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਬੰਧੀ ਮਾਮਲੇ ਦੀ ਸੁਣਵਾਈ ਦੀ ਤਰੀਕ ਨੇੜੇ ਆ ਰਹੀ ਹੈ, ਜਿਸ ਕਰਕੇ ਸਰਕਾਰ ਵੱਲੋਂ ਅਜਿਹਾ ਬਿਰਤਾਂਤ ਰਚਿਆ ਜਾ ਰਿਹਾ ਹੈ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਉਸ ਦੀ ਆਮਦ ਨਾਲ ਪੰਜਾਬ 'ਚ ਖ਼ਤਰਾ ਹੈ। ਤਰਸੇਮ ਸਿੰਘ ਨੇ ਇਹ ਵੀ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਮੌਤ ਚੋਣਾਂ ਦੌਰਾਨ ਹੋਈ ਸੀ, ਜਦੋਂ ਪੁਲੀਸ ਨੇ ਲੋਕਾਂ ਕੋਲੋਂ ਹਥਿਆਰ ਜਮ੍ਹਾਂ ਕਰਵਾਏ ਹੋਏ ਸਨ ਅਤੇ ਸੂਬੇ 'ਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਸਾਜ਼ਿਸ਼ਾਂ ਰਚ ਰਹੀ ਹੈ। ਆਗਾਮੀ ਜ਼ਿਮਨੀ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਕੋਈ ਰਸਮੀ ਫ਼ੈਸਲਾ ਨਹੀਂ ਹੋਇਆ ਹੈ, ਪਰ ਸਮੂਹ ਮੈਂਬਰਾਂ ਦੀ ਰਾਇ ਹੈ ਕਿ ਚੋਣਾਂ 'ਚ ਹਿੱਸਾ ਨਹੀਂ ਲਿਆ ਜਾਵੇਗਾ। ਉਨ੍ਹਾਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ 'ਤੇ ਭਰੋਸਾ ਗਵਾਉਣ ਦਾ ਦੋਸ਼ ਵੀ ਲਾਇਆ।