ਟੋਰਾਂਟੋ: ਕੈਨੇਡਾ ਵਿੱਚ ਭਾਰਤ ਅਤੇ ਚੀਨ ਸਮੇਤ ਕਈ ਮੁਲਕਾਂ ਵੱਲੋਂ ਚੋਣ ਪ੍ਰਣਾਲੀ 'ਚ ਦਖ਼ਲ ਬਾਰੇ ਕਮਿਸ਼ਨ ਪੱਧਰ 'ਤੇ ਜਾਰੀ ਤਫ਼ਤੀਸ਼ ਦੌਰਾਨ ਕੱਲ੍ਹ ਵਜ਼ੀਰ-ਏ-ਆਜ਼ਮ ਜਸਟਿਨ ਟਰੂਡੋ ਦੇ ਖੁਲਾਸਿਆਂ ਨੇ ਮੁਲਕ ਦੀਆਂ ਸਿਆਸੀ ਕਤਾਰਾਂ 'ਚ ਹਲਚਲ ਮਚਾ ਦਿੱਤੀ। ਟਰੂਡੋ ਨੇ ਆਖਿਆ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਇਸ ਲਈ ਉਨ੍ਹਾਂ ਕੋਲ ਖੁਫ਼ੀਆ ਸਰੋਤਾਂ ਰਾਹੀਂ ਹਰ ਕਿਸਮ ਦੀ ਸੂਚਨਾ ਪਹੁੰਚਦੀ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਕੁਝ ਕੰਜ਼ਰਵੇਟਿਵ ਸੰਸਦ ਮੈਂਬਰਾਂ ਅਤੇ ਉਮੀਦਵਾਰਾਂ ਦੇ ਨਾਂ ਹਨ ਜੋ ਵਿਦੇਸ਼ੀ ਦਖ਼ਲ 'ਚ ਕੈਨੇਡਾ ਦੇ ਵਿਰੁੱਧ ਕੰਮ ਕਰ ਰਹੇ ਹੋ ਸਕਦੇ ਹਨ।
ਟਰੂਡੋ ਨੇ ਜ਼ਾਹਰ ਕੀਤਾ ਕਿ ਉਨ੍ਹਾਂ ਨੇ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਦੇਸ਼ ਦੀ ਖੁਫ਼ੀਆ ਏਜੰਸੀ) ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਕੰਜ਼ਰਵੇਟਿਵ ਆਗੂ ਪੀਅਰ ਪੋਲੀਵਿਏਰ ਨੂੰ ਇਸ ਬਾਰੇ ਚੌਕਸ ਕਰਨ ਤਾਂ ਜੋ ਉਹ ਆਪਣੀ ਪਾਰਟੀ ਨੂੰ ਸੁਚੱਜੇ ਢੰਗ ਨਾਲ ਸੰਭਾਲ ਸਕਣ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪੋਲੀਵਿਏਰ ਨੇ ਸ੍ਰੀ ਟਰੂਡੋ ਦੇ ਇਲਜ਼ਾਮਾਂ ਨੂੰ ਤਿੱਖੇ ਲਫ਼ਜ਼ਾਂ 'ਚ ਰੱਦ ਕੀਤਾ ਅਤੇ ਕਿਹਾ ਕਿ ਟਰੂਡੋ ਝੂਠ ਬੋਲਣ ਦੇ ਆਦੀ ਹਨ। ਜੇਕਰ ਉਨ੍ਹਾਂ ਕੋਲ ਕੰਜ਼ਰਵੇਟਿਵ ਸੰਸਦ ਮੈਂਬਰਾਂ ਦੇ ਨਾਂ ਹਨ ਤਾਂ ਉਹ ਨਾਂ ਬਿਨਾਂ ਕਿਸੇ ਦੇਰੀ ਤੋਂ ਜਨਤਕ ਕੀਤੇ ਜਾਣ। ਕੰਜ਼ਰਵੇਟਿਵ ਪਾਰਟੀ ਵੱਲੋਂ ਪ੍ਰਧਾਨ ਮੰਤਰੀ 'ਤੇ ਦੋਸ਼ੀ ਮੈਂਬਰਾਂ ਦੇ ਨਾਂ ਜਨਤਕ ਕਰਨ ਲਈ ਦਬਾਅ ਪਾਉਣ ਵਾਸਤੇ ਇੱਕ ਆਨਲਾਈਨ ਅਰਜ਼ੀ ਵੀ ਸ਼ੁਰੂ ਕੀਤੀ ਗਈ ਹੈ। ਭਾਰਤ ਨਾਲ ਕੈਨੇਡਾ ਦੇ ਕੂਟਨੀਤਕ ਸਬੰਧਾਂ 'ਚ ਤਣਾਅ ਵਧਣ ਤੋਂ ਬਾਅਦ ਫਿਲਹਾਲ ਕੈਨੇਡਾ 'ਚ ਭਾਰਤ ਦੀਆਂ ਵੀਜ਼ਾ ਅਤੇ ਪਾਸਪੋਰਟ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ ਹਨ।